Akaal Chalaana Master Niranjan Singh Jee Gurdaspur

 ਸੱਚ-ਖੰਡ ਵਾਸੀ, ਮਾਸਟਰ ਨਿਰੰਜਨ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ..

🙏🔷🙏🔷🙏🔷🙏🔷🙏🔷🙏
 
ਨਿਰਬਾਣ ਕੀਰਤਨੀਏ, ਮੂਰਤਿ ਸਾਦਗੀ ਦੀ
ਮਾਸਟਰ, ਨਿਰੰਜਨ ਸਿੰਘ ਜੀ ਸਦਾਂਵਦੇ ਸੀ
ਅੱਠੇ ਪਹਿਰ, ਸੁਰਤਿ ਰੱਖ ਸਬਦੁ ਅੰਦਰ
ਗੁਰੂ ਜੱਸ ਓਹ ਸਦ ਹੀ ਗਾਂਵਦੇ ਸੀ
ਮਿੱਠਬੋਲੜੇ, ਸਭ ਦੇ ਅਜ਼ੀਜ਼ ਹੈਸਨਿ
ਗੁਰਦਾਸਪੁਰ’ ਨੂੰ ਭਾਗ ਲਗਾਂਵਦੇ ਸੀ
ਨਿਰਬਾਣ ਜਥੇ ਦੇ, ਕੀਰਤਨ ਸਮਾਗਮਾਂ ਵਿੱਚ ਸਦਾ ਲਾਹੇ ਨੂੰ ਉੱਠਿ ਧਾਂਵਦੇ ਸੀ
 
ਭਾਈ ਰਣਧੀਰ ਸਿੰਘ ਜੀ ਨਾਲ ਮੇਲ ਹੋਇਆ
ਓਸੇ ਪਲ ਤੋਂ ਉਨ੍ਹਾਂ ਦੇ ਹੋ ਗਏ ਸੀ
ਸੇਵੀ ਸਤਿਗੁਰ ਆਪਣਾ... ਸ਼ਬਦ ਸੁਣਿਆ
ਕੀਰਤਨ ਦੇ ਹੀ ਆਸ਼ਕ ਹੋ ਗਏ ਸੀ
ਜਨਮ ਜਨਮ ਕਾ ਵਿਛੁੜਿਆ, ਧੁਨਿ ਸੁਣ ਕੇ
ਮੈਲ ਕਈ ਜਨਮ ਦੀ ਧੋ ਗਏ ਸੀ
ਸਰੀਰ ਖੇਤ ਚ, ਬਾਣੀ ਅੰਮ੍ਰਿਤ ਚੋਅ
ਨਾਮ ਬੀਜ ਸਦਾ ਲਈ ਬੋ ਗਏ ਸੀ
 
ਹੈਸਨਿ ਗੁਰਮਤਿ ਰਹਿਤ ਦੇ ਧਾਰਨੀ ਓਹ
ਥੋੜਾ ਬੋਲਣ, ਥੋੜਾ ਹੀ ਖਾਂਵਦੇ ਸੀ
ਹਰ ਵੇਲੇ ਹੀ ਅੰਦਰੋਂ ਜੁੜੇ ਰਹਿਣਾ
ਰਸ-ਰਸ ਕੇ ਨਾਮ ਧਿਆਂਵਦੇ ਸੀ
ਕੀਰਤਨ ਦੀ ਸੇਵਾ, ਜਦੋਂ ਵੀ ਮਿਲਦੀ
ਬੜਾ ਰਸਕਿ ਰਸਕਿ ਗੁਣ ਗਾਂਵਦੇ ਸੀ
ਸਹਿਜ-ਸਹਿਜ ਹੀ ਗੁਰੂ ਦੇ ਪ੍ਰੇਮ ਅੰਦਰ
ਓਹ ਵਾਹਿਗੁਰੂ ਧੁਨੀ ਜਪਾਂਵਦੇ ਸੀ
 
ਰਹਿਣ ਸਦਾ ਓਹ ਅਰਸ਼ੀ ਮੰਡਲਾਂ ਵਿੱਚ
ਐਪਰ ਨਹੀਂਓ ਕਿਸੇ ਲਖਾਂਵਦੇ ਸੀ
ਨਿਮਰਤਾ, ਹਲੀਮੀ ਤੇ ਧੀਰਜ ਵਿੱਚ ਰਹਿ ਕੇ
ਗੁਰਸਿੱਖਾਂ, ਸੇਵਿ ਕਮਾਂਵਦੇ ਸੀ
ਸੂਰਬੀਰ, ਜਥੇ ਦੇ ਮਰਜੀਵੜਿਆਂ ਤੋਂ 
ਸਦ-ਸਦ ਰਹੇ ਘੋਲਿ ਘੁਮਾਂਵਦੇ ਸੀ
ਭਾਈ ਫੌਜਾ ਸਿੰਘ ਜਿਹੇ ਸੂਰਿਆਂ ਤੋਂ
ਸਦਾ ਪਿਆਰ ਗੂੜ੍ਹਾ ਓਹ ਪਾਂਵਦੇ ਸੀ
 
ਜੱਥਾ ਚੱਲਦਾ ਵਹੀਰ, ਖਾਲਸਾ ਕੈਂਪਾਂ ਵਿੱਚ
ਕੀਰਤਨ ਸੇਵਾ ਆਪ ਨਿਭਾਂਵਦੇ ਰਹੇ
ਨੌਜੁਆਨਾਂ ਗੁਰੂ ਕੇ ਲਾਲਾਂ ਦੀ
ਓਹ ਸੁੱਤੀ ਅਣਖ ਜਗਾਂਵਦੇ ਰਹੇ
ਤੀਰ ਅਣੀਆਲੇ, ਗੁਰੂ ਦੇ ਪ੍ਰੇਮ ਵਾਲੇ
ਖਿੱਚ ਖਿੱਚ ਨਿਸ਼ਾਨੇ ਲਾਂਵਦੇ ਰਹੇ
ਬੱਬਰ ਸਿੰਘਾਂ, ਸੂਰਮੇ ਯੋਧਿਆਂ ਨੂੰ
ਗੁਰਮਤਿ ਗਾਡੀ ਰਾਹ ਵਿਖਾਂਵਦੇ ਰਹੇ
 
ਤੇਰਾਂ ਫ਼ਰਵਰੀ ਦੋ ਹਜ਼ਾਰ ਉਨੀ
ਸੱਚ-ਖੰਡ ਪਯਾਨੇ ਪਾ ਗਏ ਓਹ
ਭੌਰੇ, ਹੋ ਕੇ ਸਤਿਗੁਰੂ ਚਰਨਾਂ ਦੇ
ਗੁਰਸਿੱਖੀ ਪ੍ਰੀਤ ਨਿਭਾ ਗਏ ਓਹ
ਸਹਿਜ ਸੁਭਾਇ, ਪ੍ਰੀਤਮ ਦੇ ਦੇਸ ਚੱਲੇ
ਪਰਿਵਾਰ ਤਾਂਈ ਵਿਛੋੜਾ ਪਾ ਗਏ ਓਹ
ਗੁਰੂ ਪੰਥ ਦੇ ਸੇਵਾਦਾਰ ਬਣ ਕੇ
ਜਨਮ-ਮਰਣ, ਦਾ ਗੇੜ ਮੁਕਾ ਗਏ ਓਹ
 
🙏🙏🙏🙏🙏🙏🙏🙏🙏🙏🙏

This site and organization has allegiance to Sri Akal Takht Sahib.