ਵਾਹਿਗੁਰੂ ਸਿਮਰਨ

Vaaheguroo Simran
Bhai Sahib Bhai Randheer Singh Jee

Chapter 5: ਨਾਮ ਬਾਣੀ ਦੀ ਪਾਰਸ ਕਲਾ

NextPrev

ਜੋ ਮਨੁਖ ਆਪਣੀ ਮਨੋਰਥ-ਪੂਰਤੀ ਲਈ ਹੀ ਨਾਮ ਜਪਦੇ ਹਨ ਯਾ ਗੁਰਬਾਣੀ ਦਾ ਸੇਵਨ ਕਰਦੇ ਹਨ, ਚਾਹੇ ਉਹ ਪਹਿਲਾਂ ਸੁਆਰਥ-ਸਿਧੀ ਲਈ ਹੀ ਏਸ ਲਗਨ ਵਿਚ ਲਗਦੇ ਹਨ, ਪਰ ਸੁਆਰਥ-ਸਿਧੀ ਦੇ ਪ੍ਰਬਲ ਹੋਣ ਕਰ, ਉਹ ਨਿਜ ਮਨੋਰਥ ਪੂਰਤੀ ਲਈ ਨਾਮ ਬਾਣੀ ਦੇ ਰਟਨ ਵਿਚ ਲਟਾ-ਪੀਂਘ ਹੋ ਜਾਂਦੇ ਹਨ। ਨਾਮ ਤੇ ਗੁਰਬਾਣੀ ਪਾਰਸ ਰੂਪ ਹਨ। ਇਸ ਪਾਰਸ ਰੂਪ ਅੰਮ੍ਰਿਤ ਪਦਾਰਥ ਦੇ ਸਪਰਸ਼ ਨਾਲ ਨਾਮ ਬਾਣੀ ਦੀ ਪਾਰਸ ਕਲਾ ਵਰਤ ਜਾਂਦੀ ਹੈ, ਜਿਸ ਕਰਕੇ ਨਾਮ ਬਾਣੀ ਦਾ ਰਸ ਆਉਣ ਲਗ ਜਾਂਦਾ ਹੈ। ਇਸ ਤਰ੍ਹਾਂ ਨਾਮ ਬਾਣੀ ਦੇ ਸੇਵਨਹਾਰ ਦੀ ਸੁਰਤੀ ਬਿਰਤੀ ਪ੍ਰਵਿਰਤੀਓਂ (ਸੰਸਾਰਕ ਵਿਹਾਰਾਂ) ਤੋਂ ਉਚਾਟ ਹੋ ਕੇ ਪ੍ਰਮਾਰਥੀ ਲਗਨ ਵਿਚ ਜਾ ਪਰਵੇਸ਼ ਕਰਦੀ ਹੈ। ਫੇਰ ਗੁਰਬਾਣੀ ਤੇ ਨਾਮ ਦਾ ਅਭਿਆਸ ਕੇਵਲ ਰਸ-ਵਿਗਾਸ ਦੇ ਪ੍ਰਾਇਣ ਹੋ ਕੇ ਹੀ ਕਰੀਦਾ ਹੈ। ਇਸ ਬਿਧ ਗੁਰਬਾਣੀ ਨਾਮ ਦੀ ਅੰਮ੍ਰਿਤ ਪਾਰਸ ਰਸਾਇਣੀ ਕਲਾ ਦਾ ਨਿਤਾਪ੍ਰਤੀ ਤੇ ਖਿਨ-ਖਿਨੀ ਸਪਰਸ਼ (ਭਾਵੇਂ ਪਹਿਲਾਂ ਸੁਆਰਥ-ਸਿਧੀ ਹਿਤ ਆਰੰਭ ਹੋਇਆ ਹੋਵੇ) ਓੜਕ ਪ੍ਰਮਾਰਥੀ ਰੰਗਾਂ ਵਾਲੇ ਤੱਤ ਆਦਰਸ਼ ਵਿਚ ਅਰੂੜ ਕਰਾਇ ਦਿੰਦਾ ਹੈ। ਗੁਰਬਾਣੀ ਦਾ ਲਗਾਤਾਰ ਸੇਵਨ ਸੇਵਨਹਾਰੇ ਦੀ ਬੁਧੀ ਨੂੰ ਪ੍ਰਮਾਰਥ ਸਿਧੀ ਦੇ ਪਰਮ ਮਨੋਰਥ ਹਿਤ ਸਾਵਧਾਨ ਕਰ ਦਿੰਦਾ ਹੈ, ਕਿਉਂਕਿ ਵਾਸਤਵ ਵਿਚ ਸਮੱਗਰ ਗੁਰਬਾਣੀ ਤਤ ਆਦਰਸ਼ੀ ਦੀਖਿਆ ਤਾਂ ਹੈ ਹੀ ਪ੍ਰਮਾਰਥ-ਸਿਧੀ ਹਿਤ। ਪ੍ਰਮਾਰਥ-ਸਿਧੀ ਹਿਤ ਨਾਮ ਬਾਣੀ ਦਾ ਕੀਤਾ ਹੋਇਆ ਸੇਵਨ, ਫੇਰ ਸੁਤੇ ਸਿਧ ਹੀ ਸਗਲ-ਪਦਾਰਥ-ਸਿਧੀ ਕਰਾਈ ਜਾਂਦਾ ਹੈ। ਨਾਮ-ਰਸਕ ਵੈਰਾਗ ਹੋਣ ਦੀ ਅਵਸਥਾ ਤਾਈਂ ਰਿਧੀ ਸਿਧੀ ਦੇ ਵਹਿਣ ਵਿਚ ਰੁੜ੍ਹ ਜਾਣ ਦਾ ਤੌਖਲਾ ਤਾਂ ਜ਼ਰੂਰ ਹੈ, ਪਰ ਪ੍ਰਮਾਰਥ ਦੇ ਪ੍ਰਬਲ ਪ੍ਰੇਮ-ਪਰਾਇਣੀ-ਪਾਂਧੀਆਂ ਨੂੰ ਰਿਧੀ ਸਿਧੀ ਸਭ ਮੋਹ ਹੀ ਸਚਮੁਚ ਪ੍ਰਤੀਤ ਹੋਣ ਲਗ ਪੈਂਦੀ ਹੈ। ਗੁਰਬਾਣੀ ਸੇਵਨ ਦੀ ਦੀਰਘ ਗਾਖੜੀ, ਗੂੜ੍ਹ ਮਤ ਗਾਖੜੀ ਸੇਵਾ, ਰਿਧੀ ਸਿਧੀ ਆਦਿਕ ਨੂੰ ਮੋਹ ਰੂਪ ਦਰਸਾ ਕੇ ਗੁਰਮਤਿ ਭੈ-ਭਾਵਨੀ ਅੰਦਰ ਲੈ ਆਉਂਦੀ ਹੈ, ਜਿਸ ਕਰਕੇ ਪ੍ਰਮਾਰਥ-ਪਾਂਧੀ, ਅਰਥਾਤ ਗੁਰਮਤਿ ਪ੍ਰਮਾਰਥ-ਪਾਂਧੀ ਰਿਧੀਆਂ ਸਿਧੀਆਂ ਦਾ ਗੁਮੇਹ ਹੀ ਨਹੀਂ ਕਰਦੇ। ਨਾਮ ਗੁਰਬਾਣੀ ਦੀ ਸੁਤੇ ਸਿਧ ਕਮਾਈ ਦਾ ਅੰਮ੍ਰਿਤ-ਰਸਾਇਣੀ ਪਰਮ ਅਨੰਦ ਰਸ ਉਗਵਿ ਆਉਂਦਾ ਹੈ, ਜਿਸ ਕਰਕੇ ਉਹ ਉਕਾ ਉਕਾ ਹੀ ਮੋਹ ਮਮਤਾਵੀ ਰਿਧੀ ਸਿਧੀ ਨੂੰ ਪਿਠ ਦੇ ਬੈਠਦਾ ਹੈ। ਅਤੇ ਉਸ ਨੂੰ ਰਿਧੀਆਂ ਸਿਧੀਆਂ ਦਾ ਸੁਤੇ ਸਿਧੀ ਆਵਣਾ ਦਰਸਾਵਣਾ ਪੁਹਂਦਾ ਹੀ ਨਹੀਂ।
 

ਅਪਨੇ ਲੋਭ ਕਉ ਕੀਨੋ ਮੀਤੁ…॥੧॥

(ਗਉੜੀ ਮ:੫, ਪੰਨਾ ੧੯੫)

ਸਾਰਖੇ ਗੁਰਵਾਕਾਂ ਦੀ ਗੁਰਮਤਿ ਅਸੂਲੀ ਸਚਾਈ ਵਿਚ ਕੋਈ ਸੰਦੇਹ ਨਹੀਂ। ਤਲਖ਼ ਤਜਰਬੇ ਅੰਦਰ ਆਈਆਂ ਉਲਟ ਮਿਸਾਲਾਂ ਜੇ ਟਾਵੀਂ ਟਾਵੀਂ ਜਾਂ ਬਹੁਤੀ ਗਿਣਤੀ ਵਿਚ ਦੇਖੀਆਂ ਪਰਖੀਆਂ ਜਾਂਦੀਆਂ ਹਨ ਤਾਂ ਉਹਨਾਂ ਦੇ ਕਾਰਨ ਕੇਵਲ ਇਹੋ ਹੀ ਹੈ ਕਿ ਵਾਸਤਵ ਵਿਚ ਉਹ ਲੋਕ ਪਾਰਸ ਨੂੰ ਪਰਸਦੇ ਹੀ ਨਹੀਂ। ਉਹ ਜੋ ਨਾਮ ਦੀ ਕਮਾਈ ਕਰਦੇ ਹਨ, ਉਹ ਸਿਰਫ਼ ਲੋਕ ਦਿਖਾਵੇ ਲਈ ਅਤੇ ਲੋਕਾਂ ਨੂੰ ਰੀਝਾਵਣ ਲਈ, ਥੋੜੇ ਚਿਰ ਲਈ ਪਖੰਡ-ਪਸਾਰਾ ਹੀ ਕਰਦੇ ਹਨ। ਅਸਲ ਕਮਾਈ ਕੋਈ ਨਹੀਂ ਕਰਦੇ। ਦਿਖਾਵੇ ਮਾਤਰ ਪਪ ਪਪ ਕਰਦੇ ਹਨ। ਉਹਨਾਂ ਪ੍ਰਤੀ ਹੀ :-

ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ॥

(ਗੂਜਰੀ ਮ:੩, ਪੰਨਾ ੪੯੧)

ਵਾਲਾ ਗੁਰਵਾਕ ਪੂਰਾ ਘਟਦਾ ਹੈ। ਉਹਨਾਂ ਦਾ ਹਾਲ ਅਜਿਹਾ ਹੈ ਜੈਸੇ ਕਿ ਗੁਰਮਤਿ ਜੁਗਤੀ ਵਿਹੂਣ ਨਿਗੁਰੇ ਸਾਕਤਾਂ ਦਾ ਆਪਣੇ ਹੁਦਰੋਂ ਨਾਮ ਦੀ ਰਟ ਲਗਾਉਣ ਵਾਲਾ ਨਿਰਣਾ ਅਗੇ ਹੋ ਚੁੱਕਾ ਹੈ। ਉਹ ਵਾਸਤਵ ਵਿਚ ਗੁਰਮਤਿ ਨਾਮ ਨਹੀਂ ਜਪਦੇ, ਨਾ ਹੀ ਉਹਨਾਂ ਨੂੰ ਗੁਰੂ ਦੁਆਰਿਓਂ ਨਾਮ ਪੂਰੀ ਵਿਧੀ ਅਨੁਸਾਰ ਪ੍ਰਾਪਤ ਹੋਇਆ ਹੁੰਦਾ ਹੈ। ਉਹ ਆਪਣੇ ਹੁਦਰੋਂ ਪਏ ਪਪ ਪਪ ਕਰੀ ਜਾਣ ਅਤੇ ਬੁਲ੍ਹ ਹਿਲਾਈ ਜਾਣ ਅਤੇ ਹਿਲਾ ਹਿਲਾ ਕੇ ਲੋਕਾਂ ਨੂੰ ਦਿਖਾਈ ਜਾਣ, ਉਹਨਾਂ ਦਾ ਇਸ ਬਿਧ ਇਉਂ ਕਰਨਾ ਨਾਮ ਜਪਣਾ ਹੀ ਨਹੀਂ ਕਹਾ ਸਕਦਾ।

ਗੁਰਬਾਣੀ ਨੂੰ ਅਦਬ ਸੇਤੀ ਪ੍ਰੇਮ ਨਾਲ ਲਿਖਣ ਪੜ੍ਹਨ ਵਾਲਿਆਂ ਦਾ ਹੀ ਓੜਕ ਉਧਾਰ ਨਿਸਤਾਰਾ ਹੁੰਦਾ ਹੈ। ਗੁਰਬਾਣੀ ਦੇ ਲਿਖਾਰੀਆਂ ਦਾ ਅੰਤੀ ਉਧਾਰ ਹੋਵੇਗਾ। ਕੰਪਾਜ਼ੀਟਰਾਂ, ਕੁਤਬ-ਫ਼ਰੋਸ਼ਾਂ ਦਾ ਗੁਰਬਾਣੀ ਦੇ ਗੁਟਕਿਆਂ ਪੋਥੀਆਂ ਨੂੰ ਬੇਅਦਬੀ ਕਰ ਕਰ ਕੇ ਛਪਾਉਣ-ਹਾਰਿਆਂ ਅਤੇ ਛਪਾ ਛਪਾ ਕੇ ਬੇਅਦਬੀ ਨਾਲ ਰਖ ਰਖ ਕੇ ਬੇਅਦਬੀ ਨਾਲ ਵੇਚਣ ਵਾਲਿਆਂ ਦਾ, ਦੰਮਾਂ ਬਦਲੇ ਬੇਅਦਬੀ ਕਰਨਹਾਰਿਆਂ ਦਾ ਉਧਾਰ ਹੋਣਾ ਗੁਰਮਤਿ ਅਕੀਦੇ ਤੋਂ ਬਹੁਤ ਦੂਰ ਹੈ। ਜਿਹਨਾਂ ਦਾ ਪੇਸ਼ਾ ਹੀ ਪਖੰਡ ਜਾਂ ਦੰਮਾਂ ਦੀ ਵਿਹਾਜੀ ਹੈ, ਉਹਨਾਂ ਉਤੇ ਪਾਰਸ-ਕਲਾ ਵਰਤਣ ਵਾਲੀ ਗੱਲ ਕਦੇ ਘਟ ਨਹੀਂ ਸਕਦੀ। ਹੱਥਾਂ ਦੀਆਂ ਉਂਗਲੀਆਂ ਨਾਲ ਗੁਰਬਾਣੀ ਦੇ ਅੱਖਰਾਂ ਨੂੰ ਘਸਾਈ ਜਾਣ ਨਾਲ ਪਾਰਸ-ਕਲਾ ਵਾਲੀ ਚੁੰਬਕ ਰਗੜ ਪਰਚੰਡ ਨਹੀਂ ਹੁੰਦੀ। ਨਾ ਹੀ ਹੱਥਾਂ ਨਾਲ ਮਾਲਾ ਫੇਰੇ ਸਿਮਰਨੇ ਘਸਾਇਆਂ ਆਤਮ ਪ੍ਰਕਾਸ਼ ਪਰਜੁਅਲਤੀ ਸ਼ਕਤੀ ਪ੍ਰਾਪਤ ਹੁੰਦੀ ਹੈ, ਜਦ ਤੀਕ ਕਿ ਪੂਰਨ ਗੁਰਮਤਿ ਵਿਧੀ ਅਨੁਸਾਰ ਗੁਰਮਤਿ ਨਾਮ ਦੀ ਪ੍ਰਾਪਤੀ ਨਾ ਹੋ ਗਈ ਹੋਵੇ। ਨਾਮ ਪ੍ਰਾਪਤ ਕਰਕੇ ਵੀ ਜੇ ਕੋਈ ਉਲਟੇ ਵਹਿਣਾ ਵਿਚ ਵਗ ਤੁਰੇ ਤਾਂ ਉਸ ਦਾ ਵੀ ਸਿਮਰਨੇ-ਘਸਾਈ ਵਾਲਾ ਪੋਚ-ਦਿਖਾਵਾ ਕਿਸੇ ਲੇਖੇ ਨਹੀਂ।


This site and organization has allegiance to Sri Akal Takht Sahib.