ਤਿਮਰ ਅਗਿਆਨ ਤੋਂ ਉਜਿਆਰਾ

Timar Agiaan to Ujiaaraa
Bhai Sahib Bhai Randheer Singh Jee

Chapter4: ਗੁਰਪੁਰਬ ਮਨਾਉਣ ਦਾ ਪ੍ਰਯੋਜਨ?

NextPrev

ਅਜਿਹੇ ਸੱਚੇ ਸਤਿਗੁਰੂ ਦੀ ਯਾਦਗਾਰ ਵਿਚ ਗੁਰਪੁਰਬ ਕਿਉਂ ਨਾ ਮਨਾਏ ਜਾਵਣ! ਇਸ ਯਾਦਗਾਰ ਵਿਚ ਗੁਰਪੁਰਬ ਮਨਾਵਣ ਦਾ ਅਸਲੀ ਅਤੇ ਮੁਖ ਮਨੋਰਥ ਕੀ ਹੈ? ਆਉ ਜ਼ਰਾ ਮਿਲ ਕੇ ਵਿਚਾਰੀਏ । ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਗਟਣ ਦਾ ਪਰਮ ਪ੍ਰਯੋਜਨ ਜੋ ਹੈਸੀ, ਸੋਈ ਪੁਰਬ ਮਨਾਵਣ ਦਾ ਮੁਖ ਮੰਤਵ ਹੋਣਾ ਚਾਹੀਦਾ ਹੈ ।? ਆਉ ਜ਼ਰਾ ਵਿਚਾਰੀਏ ਕਿ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਤਾਂ ਕਿ ਕਾਰਨ ਕਰਕੇ ਆਏ ? ਕੀ ਉਹਨਾਂ ਦਾ ਆਵਣਾ ਚੁਰਾਸੀ ਦੇ ਜੀਵਾਂ ਵਤ ਸੀ? ਕੀ ਉਹਨਾਂ ਦਾ ਅਵਤਾਰ ਧਾਰਨ ਕਰਨਾ ਆਮ ਅਵਤਾਰਾਂ ਵਤ ਸੀ? ਨਹੀਂ ! ਹਰਗਿਜ਼ ਨਹੀਂ !! ਸਤਿਗੁਰ ਨਾਨਕ ਦੇਵ ਦੇ ਅਵਤਾਰ ਧਾਰਨ ਦੇ ਪ੍ਰਯੋਜਨ ਦੀ ਅਲੌਕਿਕਤਾ ਅਤੇ ਵਿਲਖਣਤਾ ਹੇਠ ਲਿਖਿਆ ਗੁਰਵਾਕ ਇਸ ਬਿਧ ਗਾਂਵਦਾ ਹੈ ਅਤੇ ਗਾਉ ਕੇ ਨਿਰੂਪਣ ਕਰਾਉਂਦਾ ਹੈ। ਯਥਾ-

ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥ ੪॥੭॥੫੪॥

{ਸੂਹੀ ਮ: ੫, ਪੰਨਾ ੭੪੯}

ਆਮ ਅਵਤਾਰਾਂ ਵਤ ਗੁਰੂ ਜੀ ਨਿਜ ਦੇ ਬਖੇੜਿਆਂ ਅਤਵਾ ਮਨ-ਮੰਨੀ ਚਸਕੇ-ਬਾਜ਼ੀਆਂ ਹਿਤ ਜੁਧ ਜੰਗ ਦੇ ਦੰਗਲ-ਦੁਗਾੜੇ ਅਤਵਾ ਰਾਸ-ਲੀਲ੍ਹਾ ਦੇ ਮੰਗਲ-ਅਕਾੜੇ ਰਚਣ ਨਹੀਂ ਸਨ ਆਏ, ਨਾ ਹੀ ਹੋਰ ਆਚਰਯਾਂ ਤੇ ਸੁਧਾਰਕਾਂ ਦੀ ਨਿਆਈਂ ਆਪਣੇ ਨਾਮ ਨੂੰ ਨਸ਼ਰ (ਪ੍ਰਾਸਿਧ) ਕਰਨ ਆਏ ਸਨ । ਸਤਿਗੁਰੂ ਨਾਨਕ ਦੇਵ ਜੀ ਆਏ ਤਾਂ ਪਰਉਪਕਾਰੀ ਆਏ, ਅਰਥਾਤ ਪਰਉਪਕਾਰ ਹਿਤ ਆਏ ।ਪਰਉਪਕਾਰ ਭੀ ਕਿਹੜਾ ! ਕਿ "ਜੀਅ ਦਾਨੁ ਦੇਇ ਭਗਤੀ ਲਾਇਨਿ"। ਨਾਮ ਰੂਪੀ ਸੱਚੇ ਧਨ ਦਾ ਸੱਚਾ ਆਤਮਿਕ ਦਾਨ ਦੇ ਕੇ ਸੰਸਾਰ ਭਰ ਦੇ ਪ੍ਰਣੀਆਂ ਨੂੰ ਭਗਤੀ ਵਿਖੇ ਲਾਵਣਾ ਗੁਰੂ ਜੀ ਦਾ ਪਰਉਪਕਾਰ ਸੀ । ਵਾਹ! ਕਿਆ ਸੋਹਣਾ ਪਰਮ ਪਵਿੱਤਰ ਅਤੀ ਅਲੌਕਿਕ ਪਰਉਪਕਾਰ ਹੈ । ਇਹ ਗੁਰਮਤਿ ਪਰਉਪਕਾਰ ਹੈ ।ਇਹ ਗੁਰਮਤਿ ਪਰਉਪਕਾਰ ਦਾ ਸੱਚਾ ਸਰੂਪ ਹੈ । ਦਾਨੁ ਭੀ ਜੀਅ ਦਾਨੁ, ਨਾਮ ਰੂਪੀ ਸੱਚੇ ਧਨ ਦਾ ਅਖੁਟ ਆਤਮਿਕ ਦਾਨ, ਲੋਕ ਪਰਲੋਕ ਵਿਖੇ ਸੰਗ ਸਾਥ ਨਿਭਣ ਵਾਲਾ ਪਰਮਾਰਥੀ ਦਾਨ । ਜੈਸਾ ਕਿ

"ਇਹੁ ਹਰਿ ਧਨੁ ਜੀਐ ਸੇਤੀ ਰਵਿ ਰਹਿਆ ਜੀਐ ਨਾਲੇ ਜਾਇ"

ਗੁਰਵਾਕ ਦੇ ਆਸ਼ੇ ਤੋਂ ਸਿਧ ਹੈ। ਇਸ ਦੈਵੀ ਦਾਨ ਦੁਆਰਾ ਭਗਤੀ ਦੇ ਪ੍ਰੇਮ ਰਸ ਵਿਚ ਪਾਗ ਕੇ (ਗਲੇਫ ਕੇ) ਪ੍ਰਾਣੀਆਂ ਦਾ ਉਧਾਰ ਕਰਨ ਦੇ ਕਾਰਨ ਗੁਰੂ ਜੀ ਦਾ ਉਪਕਾਰ ਇਕ ਪਰਮ ਸ੍ਰੇਸ਼ਟ ਅਤੇ ਸਰਬੋਤਮ ਪਰਉਪਕਾਰ ਹੈ। ਜਿਹੜਾ ਕਿ ਕਿਸੇ ਪੀਰ ਪੈਗੰਬਰ, ਵਲੀ, ਅੋਲੀਏ ਅਤਵਾ ਅਵਤਾਰ ਤੋਂ ਨਹੀਂ ਬਣ ਆਇਆ । ਜੇ ਕੋਈ ਕਹੇ, "ਜੀਅ ਦਾਨੁ ਦੇ ਭਗਤੀ ਲਾਇਨਿ" ਰੂਪੀ ਪਰਉਪਕਾਰ ਤੋਂ ਪ੍ਰਾਣੀਆਂ ਨੂੰ ਗੁਰੂ ਜੀ ਨੇ ਪ੍ਰਾਪਤ ਕੀ ਕਰਾਇਆ? ਤਾਂ "ਹਰਿ ਸਿਉ ਲੈਨਿ ਮਿਲਾਏ" ਦਾ ਅਗਲੇਰਾ ਪਦਾ ਦਸਦਾ ਹੈ ਕਿ ਉਕਤ ਪ੍ਰੇਮਾ-ਭਗਤੀ ਰੂਪੀ ਪਰਉਪਕਾਰ ਦੁਆਰਾ ਗੁਰੂ ਜੀ ਨੇ ਪਰਮੇਸ਼ਰ-ਪ੍ਰਾਪਤੀ ਦੀ ਪਰਮ ਪਦਵੀ ਨੂੰ ਪੁਚਾਇਆ । ਏਸ ਪਰਮ ਪਦ ਦਾ ਪ੍ਰਾਣੀਆਂ ਪ੍ਰਤੀ ਪਰਕਾਸ਼ਣਾ, ਅਰਥਾਤ ਪ੍ਰਾਪਤ ਕਰਵਾਣਾ ਹੀ ਸ੍ਰੀ ਸਤਿਗੁਰੂ ਜੀ ਦੇ ਅਵਤਾਰ ਧਾਰਨ ਦਾ ਪਰਮ ਪ੍ਰਯੋਜਨ ਸੀ ।

ਸੋ ਅਸਾਡੇ ਗੁਰਪੁਰਬ ਮਨਾਵਣ ਦਾ ਮੁਖ ਮਨੋਰਥ ਭੀ ਇਹੋ ਹੀ ਹੋਣਾ ਚਾਹੀਦਾ ਹੈ ਕਿ ਅਸੀਂ ਗੁਰੂ ਜੀ ਦੇ ਆਗਮਨ ਦੇ ਪਰਮ ਪਰਯੋਜਨ ਨੂੰ ਪ੍ਰੇਮ ਪੂਰਬਕ ਯਾਦ ਕਰਦੇ ਹੋਏ ਪ੍ਰੇਮਾ-ਭਗਤੀ ਵਿਖੇ ਲੀਨ ਹੋਈਏ ਤੇ ਹਰਿ-ਪ੍ਰੀਤਮ ਦੇ ਮਿਲਾਪ ਦੇ ਪਰਮ ਪਦ ਦੀ ਪ੍ਰਾਪਤੀ ਹੋਵੇ। ਬਸ ਗੁਰਾਂ ਦੇ ਪਾਏ ਇਨ੍ਹਾਂ ਪਰਮਾਰਥੀ ਪੂਰਨਿਆਂ ਅਨੁਸਾਰ ਪਰਸਪਰ ਮਿਲ ਕੇ ਪ੍ਰੇਮ ਕਰਨਾ ਗੁਰਪੁਰਬ ਮਨਾਵਣ ਦਾ ਅਸਲ ਅਤੇ ਪੂਰਨ ਤਾਤਪਰਜ ਹੈ। ਇਹੋ ਹੀ ਗੁਰੂ ਜੀ ਦੇ ਪਰਉਪਕਾਰ ਯਾਦ ਕਰਨਾ ਹੈ। ਇਸ ਬਿਧ ਭਾਉ-ਭਗਤੀ ਸਹਿਤ ਹੀ ਗੁਰਸਿਖਾਂ ਦਾ ਗੁਰਪੁਰਬ ਮਨਾਵਣਾ ਲੇਖੇ ਪੈਂਦਾ ਹੈ । ਤਦੇ ਹੀ ਤਾਂ ਭਾਈ ਗੁਰਦਾਸ ਜੀ ਨੇ ਗੁਰਪੁਰਬ ਮਨਾਵਣ-ਹਾਰਿਆਂ ਦੀ ਮਹਿਮਾ ਵਰਨਣ ਕੀਤੀ ਹੈ ਕਿ-

ਕੁਰਬਾਨੀ ਤਿਨਾ ਗੁਰਸਿਖਾਂ ਭਾਇ ਭਗਤਿ ਗੁਰਪੁਰਬ ਕਰੰਦੇ ॥

ਬਸ ਭਾਉ-ਭਗਤੀ ਦੇ ਰੰਗ ਵਿਚ ਮਾਣਿਆ ਗੁਰਪੁਰਬ ਹੀ ਪਰਵਾਨ ਪੈਂਦਾ ਹੈ। ਪਰੰਤੂ ਪੁਰਬ ਮਨਾਵਣ ਦਾ ਆਮ ਰਿਵਾਜ ਦਸਦਾ ਹੈ ਕਿ ਗੁਰਪੁਰਬ ਇਸ ਮਨੋਰਥ ਲਈ ਨਹੀਂ ਮਨਾਏ ਜਾਂਦੇ । ਜੇ ਇਉਂ ਮਨਾਏ ਜਾਣ ਤਾਂ ਗੁਰਾਂ ਦੇ ਅੇਨ ਓਸੇ ਵਕਤ ਉਥੇ ਜੋਤਿ ਸਰੂਪੀ ਪਰਤੱਖ ਦਰਸ਼ਨ-ਦਿਦਾਰੇ ਪ੍ਰਾਪਤ ਹੋਣ ਵਿਚ ਰੰਚਕ ਭੀ ਸੰਦੇਹ ਨਹੀਂ, ਜਿਸ ਜੋਤਿ ਨੂੰ ਜਗਾ ਕੇ ਅਤੇ ਜਿਸ ਦਿਬ ਸਰੂਪ ਨੂੰ ਧਾਰਨ ਕਰ ਕੇ ਗੁਰੂ ਜੀ ਜਗਤ ਉਤੇ ਪ੍ਰਗਟ ਹੋਏ ਸਨ। ਪਰੰਤੂ ਪ੍ਰਿਥਮ ਤਾਂ ਇਸ ਜੋਤਿ-ਪਰਕਾਸ਼ੀ-ਦਰਸ਼ਨ ਦੀ ਪਰਤੀਤ ਹੀ ਪ੍ਰਾਣੀ ਨੂੰ ਬਹੁਤ ਵਿਰਲੀ ਅਤੇ ਥੋੜ੍ਹੀ ਹੈ । ਇਸ ਪਰਤੀਤ ਬਿਹੂਣ ਭਗਤੀ ਕਦ ਪਰਵਾਣ ਪੈ ਸਕਦੀ ਹੈ ? ਇਸ ਪਰਤੀਤ ਸੰਯੁਕਤ ਭਾਉ-ਭਗਤੀ ਕਰਨਾ ਅਤੇ ਗੁਰੂ ਦੇ ਗੁਣ ਗਾਵਣਾ ਹੀ ਥਾਉਂ ਪੈਂਦਾ ਹੈ । ਯਥਾ ਗੁਰਵਾਕ-

ਜਿਸ ਨੂੰ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ॥
ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥੩॥ (੪॥੪॥੧੧)

{ਸੂਹੀ ਮ: ੪, ਪੰਨਾ ੭੩੪}

ਜਿਨ੍ਹਾਂ ਨੂੰ ਦਰਸ਼ਨ ਦੀ ਪਰਤੀਤ ਹੀ ਨਹੀਂ, ਉਹਨਾਂ ਨੂੰ ਦਰਸ਼ਨ ਦੀ ਚਾਹ, ਦਰਸ਼ਨ ਦੀ ਸਿੱਕ ਭੀ ਨਹੀਂ । ਤਿਨ੍ਹਾਂ ਨੂੰ ਦਰਸ਼ਨ ਦੀ ਪ੍ਰਾਪਤੀ ਕਿਥੇ? ਤਿਨ੍ਹਾਂ ਦਾ ਗੁਰੂ ਗੁਣ ਗਾਵਣਾ, ਭਾਉ-ਭਗਤੀ ਕਮਾਵਣਾ ਅਤੇ ਗੁਰਪੁਰਬ ਮਨਾਵਣਾ ਕਿਸ ਲੇਖੇ? ਦਰਸਨ ਦੇ ਇਸ ਸਿੱਕ-ਭਿੰਨੇ ਮਨੋਰਥ ਨੂੰ ਮੁਖ ਰਖੇ ਬਿਨਾਂ ਕਿਸੇ ਹੋਰ ਦੁਤੀ ਮਨੋਰਥ ਨੂੰ ਮੁਖ ਰਖ ਕੇ ਗੁਰਪੁਰਬ ਮਨਾਵਣਾ ਗੁਰੂ ਸੇਤੀ ਕਪਟ ਕਮਾਵਣਾ ਹੈ। ਕੀ ਇਹ ਕਪਟ ਨਹੀਂ? ਕਿ ਉਂਜ ਤਾਂ ਅੱਖੀਂ ਮੀਟ ਮੀਟ ਕੇ ਇਸ ਬਿਧ ਮਧੁਰ ਸੁਰ ਦੁਆਰਾ ਅਲਾਪਨ ਕੀਤਾ ਜਾਵੇ ਕਿ-

"ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ।"

ਪਰੰਤੂ ਗੁਰੂ ਦੇ ਜਗਤ ਵਿਖੇ ਚਾਨਣਾ ਕਰਨ ਵਾਲੇ ਦਰਸ਼ਨ, ਗੁਰੂ ਦੇ ਧੁੰਧ ਮਿਟਾਵਣ ਵਾਲੇ ਦਰਸ਼ਨ ਦੀ ਸਿੱਕ-ਭਿੰਨੀ ਪਰਤੀਤ ਭੀ ਨਾ ਉਪਜੀ ਹੋਵੇ । ਗੁਰਬਾਣੀ ਗਾਵਣਾ ਗੁਣੀ ਦਾ ਗੁਣਾਨਵਾਦ ਕਰਨਾ ਹੈ। ਗੁਣ ਅਤੇ ਗੁਣੀ ਵਿਚ ਭੇਦ ਨਹੀਂ । ਭੇਦ ਹੈ ਤਾਂ ਗੁਣਾਨਵਾਦ ਕਰਨਹਾਰੇ ਦੀ ਬਿਰਤੀ ਕਰਕੇ ਹੈ। ਜੇ ਬਿਰਤੀ ਗੁਣਾਂ ਵਿਚ ਲੀਨ ਨਹੀਂ ਹੋਈ ਤਾਂ ਗੁਣੀ ਦੇ ਸਰੂਪ ਦੀ ਲਖਤਾ ਕਿਥੋਂ? ਪਰੰਤੂ ਗੁਣ ਗਾਇਨ ਦੁਆਰਾ ਹੀ ਓਵਕ ਬਿਰਤੀ ਦੀ ਲੀਨਤਾ ਅਤੇ ਗੁਣੀ ਦੀ ਲਖਤਾ ਹੀ ਸੰਭਵ ਹੈ। ਇਹੋ ਤਾਂ ਗੁਰਬਾਣੀ ਅੰਦਰ ਚੁੰਭਕ ਸ਼ਕਤੀ ਵਾਲਾ ਅਸਰ ਹੈ। ਤਦ ਹੀ ਤਾਂ ਕਲੀਕਾਲ ਵਿਖੇ ਕੀਰਤਨ ਪਰਧਾਨ ਰਖਿਆ ਗਿਆ ਹੈ ਅਤੇ ਏਸੇ ਕਰਕੇ ਹੀ ਗੁਰੂ ਵਲੋਂ ਗੁਰਸਿਖ ਪ੍ਰਤੀ ਇਹ ਹੁਕਮ ਹੈ ਕਿ-

ਗੁਰਬਾਣੀ ਗਾਵਹ ਭਾਈ ॥ ਓਹ ਸਫਲ ਸਦਾ ਸੁਖਦਾਈ॥੨॥੧੭॥੮੧

{ਸੋਰਠਿ ਮ: ੫, ਪੰਨਾ ੬੨੯}

ਗੁਰਬਾਣੀ ਦਾ ਗਾਵਣਾ ਤਾਂ ਹਰ ਹਾਲਤ ਵਿਚ ਸਫਲ ਸੁਖਦਾਇਕ ਹੈ। ਇਸ ਨੇ ਓਵਕ ਨੂੰ ਫਲਦਾਇਕ ਜ਼ਰੂਰ ਹੋਣਾ ਹੈ, ਆਹਲੀ ਕਦੇ ਨਹੀਂ ਜਾਣਾ। ਪਰ ਏਤਨਾ ਵਿਚਾਰ ਲੈਣਾ ਤਾਂ ਅਸਾਡਾ ਆਪਣਾ ਧਰਮ ਹੈ ਕਿ ਜਿਨ੍ਹਾਂ ਗੁਣਾਂ ਨੂੰ ਗੁਰਬਾਣੀ ਗਾਉਂਦੀ ਹੈ, ਉਹ ਗੁਣ 'ਗੁਣੀ ਪਰਮਾਤਮਾ' ਦੇ ਹਨ। ਤਿਸ ਗੁਣੀ ਨੂੰ ਮੁਖ ਰਖ ਕੇ ਗੁਣ ਗਾਵਣਾ ਹੀ ਗੁਣਕਾਰੀ ਹੈ। ਗੁਰਬਾਣੀ ਗਾਉਣ ਲਗੇ ਗੁਣਾਂ ਵਲ ਬਿਰਤੀ ਨਾ ਦੇਣਾ, ਗੁਣੀ ਤੇ ਗੁਣਾਂ ਨੂੰ ਕੁਥਾਉਂ ਘਟਾਉਣਾ ਹੈ। ਗੁਰਬਾਣੀ ਗਾਉਂਦੇ ਹੋਏ ਬਿਰਤੀ ਨੂੰ ਗੁਰਬਾਣੀ ਵਿਚ ਨਾ ਰੱਖਣਾ ਦਸਦਾ ਹੈ ਕਿ ਅਸਾਡੀ ਬਿਰਤੀ ਦੇ ਸਨਮੁਖ ਕੋਈ ਹੋਰ ਸਰੂਪ ਹੈ, ਜੋ ਗੁਣੀ ਦੇ ਸਰੂਪ ਤੋਂ ਭਿੰਨ ਹੈ। ਇਹ ਗੁਣੀ ਦੀ ਅਨਿੰਨ ਉਪਾਸ਼ਨਾ ਨਹੀਂ, ਸਗੋਂ ਦੁਰੰਗੀ, ਦੁਚਿਤੀ, ਦੁਬਾਜਰੀ, ਦੁਤੀਏ ਭਾਵ ਮੇਲ ਮਿੱਸ ਵਾਲੀ ਪਾਜਲ ਉਪਾਸ਼ਨਾ ਹੈ; ਗੁਰੂ ਦੀ ਅਨਿੰਨ ਭਗਤੀ, ਸੱਚੀ ਪ੍ਰੇਮਾ-ਭਗਤੀ ਨਹੀਂ।


This site and organization has allegiance to Sri Akal Takht Sahib.